ਪਤੀ ਦੀ ਬੇਵਫ਼ਾਈ ਨੇ ਸੁਦੇਸ਼ਨਾ ਨੂੰ ਬਣਾਇਆ ਸਫ਼ਲ ਕਾਰੋਬਾਰੀ

ਪਤੀ ਦੀ ਬੇਵਫ਼ਾਈ ਨੇ ਸੁਦੇਸ਼ਨਾ ਨੂੰ ਬਣਾਇਆ ਸਫ਼ਲ ਕਾਰੋਬਾਰੀ

Tuesday November 10, 2015,

5 min Read

ਕੋਲਕਾਤਾ ਦੇ ਇੱਕ ਅਧਿਆਪਕ-ਪਰਿਵਾਰ ਵਿੱਚ ਜਨਮੇ ਸੁਦੇਸ਼ਨਾ ਬੈਨਰਜੀ ਅੱਜ ਇੱਕ ਇੰਜੀਨੀਅਰਿੰਗ ਕੰਪਨੀ ਦੇ ਕਰਤਾ-ਧਰਤਾ ਹਨ ਅਤੇ ਦੇਸ਼ ਦੀਆਂ ਕਈ ਪ੍ਰਸਿੱਧ ਕੰਪਨੀਆਂ ਨੂੰ ਸੇਵਾਵਾਂ ਦੇ ਰਹੇ ਹਨ। ਇੱਕ ਆਮ ਘਰੇਲੂ ਔਰਤ ਤੋਂ ਲੈ ਕੇ ਸਕੂਲ ਅਧਿਆਪਕਾ ਤੱਕ ਅਤੇ ਫਿਰ ਅਧਿਆਪਕਾ ਤੋਂ ਅੱਜ ਤੱਕ ਉਨ੍ਹਾਂ ਦੀ ਕਹਾਣੀ ਉਨ੍ਹਾਂ ਮਹਿਲਾਵਾਂ ਲਈ ਇੱਕ ਵੱਡੀ ਪ੍ਰੇਰਣਾ ਹੈ, ਜੋ ਆਪਣਾ ਆਤਮ-ਸਨਮਾਨ ਕਾਇਮ ਰੱਖਣ ਕੇ ਜਿਊਣਾ ਚਾਹੁੰਦੀਆਂ ਹਨ।

image


ਸੁਦੇਸ਼ਨਾ ਨੇ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਪ੍ਰੇਮ-ਵਿਆਹ ਰਚਾਇਆ ਅਤੇ ਸ਼ਾਇਦ ਇਹੋ ਇੱਕ ਫ਼ੈਸਲਾ ਉਨ੍ਹਾਂ ਦੀ ਸਫ਼ਲਤਾ ਦਾ ਭੇਤ ਵੀ ਹੈ। ਵਿਆਹ ਪਿੱਛੋਂ ਸੁਦੇਸ਼ਨਾ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਪਤੀ ਦੇ ਉਨ੍ਹਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਔਰਤਾਂ ਨਾਲ ਨਾਜਾਇਜ਼ ਸਬੰਧ ਹਨ। ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਤਾਂ ਉਦੋਂ ਖਿਸਕੀ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਆਪਣੀ ਇੱਕ ਸਹੇਲੀ ਨਾਲ ਵੀ ਉਨ੍ਹਾਂ ਦੇ ਪਤੀ ਦੇ ਨਾਜਾਇਜ਼ ਸਬੰਧ ਹਨ ਅਤੇ ਉਸ ਸਬੰਧ ਤੋਂ ਉਨ੍ਹਾਂ ਦੋਵਾਂ ਦਾ ਇੱਕ ਬੱਚਾ ਵੀ ਹੈ। ਇਸ ਤੋਂ ਬਾਅਦ ਬੇਔਲਾਦ ਸੁਦੇਸ਼ਨਾ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਅਤੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ।

ਇਸ ਦੌਰਾਨ ਸੁਦੇਸ਼ਨਾ ਇੱਕ ਸਥਾਨਕ ਸਕੂਲ ਵਿੱਚ ਅਧਿਆਪਕਾ ਵਜੋਂ ਨਿਯੁਕਤ ਸਨ। ਪਤੀ ਦਾ ਸਾਥ ਛੱਡਣ ਤੋਂ ਬਾਅਦ ਸੁਦੇਸ਼ਨਾ ਸਾਹਮਣੇ ਇੱਕ ਵੱਡੀ ਚੁਣੌਤੀ ਆਪਣਾ ਸਿਰ ਲੁਕਾਉਣ ਲਈ ਛੱਤ ਦੀ ਵਿਵਸਥਾ ਕਰਨਾ ਸੀ। ਸੁਦੇਸ਼ਨਾ ਨੇ ਬਹੁਤ ਮਿਹਨਤ ਤੋਂ ਬਾਅਦ ਕਿਰਾਏ ਦਾ ਇੱਕ ਘਰ ਲੱਭਿਆ ਅਤੇ ਸੰਘਰਸ਼ ਤੇ ਮਿਹਨਤ ਭਰਿਆ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ।

ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਸੁਦੇਸ਼ਨਾ ਦਸਦੇ ਹਨ,''ਉਸ ਜ਼ਮਾਨੇ 'ਚ ਇਕੱਲੀ ਔਰਤ ਨੂੰ ਕੋਈ ਵੀ ਕਿਰਾਏ ਉਤੇ ਘਰ ਦੇਣ ਲਈ ਤਿਆਰ ਨਹੀਂ ਹੁੰਦਾ ਸੀ। ਮੈਨੂੰ ਸਕੂਲ ਤੋਂ 10 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਸੀ ਅਤੇ ਮਕਾਨ ਦਾ ਕਿਰਾਇਆ ਦੇਣ ਤੋਂ ਬਾਅਦ ਕਈ ਵਾਰ ਤਾਂ ਮਹੀਨੇ ਦੇ ਅਖ਼ੀਰ ਵਿੱਚ ਮੇਰੇ ਕੋਲ਼ ਕੁੱਝ ਵੀ ਨਹੀਂ ਬਚਦਾ ਸੀ। ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਔਕੜਾਂ ਭਰੇ ਦਿਨਾਂ ਵਿੱਚ ਵੀ ਮੈਂ ਕਿਸੇ ਅੱਗੇ ਹੱਥ ਨਹੀਂ ਅੱਡੇ।''

ਸੁਦੇਸ਼ਨਾ ਨੇ ਕਾਲਜ ਦੇ ਦਿਨਾਂ ਵਿੱਚ ਆੱਟੋਕੈਡ ਸਿੱਖਿਆ ਸੀ ਅਤੇ ਇਸੇ ਦੌਰਾਨ ਉਨ੍ਹਾਂ ਸਕੂਲ ਦੀ ਨੌਕਰੀ ਤੋਂ ਬਾਅਦ ਇੱਕ ਦੋਸਤ ਦੇ ਸੰਸਥਾਨ ਵਿੱਚ ਕੰਪਿਊਟਰ ਸਿਖਾਉਣ ਦਾ ਪਾਰਟ-ਟਾਈਮ ਕੰਮ ਵੀ ਕਰ ਲਿਆ। ਆਪਣੀ ਮਿਹਨਤ ਦੇ ਦਮ ਉਤੇ ਛੇਤੀ ਹੀ ਉਹ ਆਪਣੇ ਦੋਸਤ ਦੇ ਉਸ ਸੰਸਥਾਨ ਵਿੱਚ ਭਾਈਵਾਲ਼ ਬਣ ਗਏ ਅਤੇ ਉਸ ਦਾ ਨਾਂਅ ਬਦਲ ਕੇ 'ਡਿਜੀਟੈਕ ਐਚ.ਆਰ.' ਰੱਖ ਦਿੱਤਾ। ਇਹ ਕੰਮ ਕਰਨ ਲਈ ਉਨ੍ਹਾਂ ਨੂੰ ਧਨ ਦੀ ਜ਼ਰੂਰਤ ਸੀ, ਜਿਸ ਦਾ ਇੰਤਜ਼ਾਮ ਉਨ੍ਹਾਂ ਆਪਣੇ ਕੁੱਝ ਗਹਿਣੇ ਵੇਚ ਕੇ ਕੀਤਾ।

''ਗਹਿਣੇ ਹੁੰਦੇ ਹੀ ਇਸੇ ਲਈ ਹਨ ਕਿ ਔਖੇ ਵੇਲੇ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਸਾਡੀ ਕੰਪਨੀ ਦਾ ਮੁੱਖ ਟੀਚਾ ਆੱਟੋਕੈਡ ਅਤੇ ਸਟਾਈਪ੍ਰੋ ਟਰੇਨਿੰਗ ਸ਼ੁਰੂ ਕਰਨਾ ਸੀ ਅਤੇ ਇਸ ਕੰਮ ਨੂੰ ਪੂਰਾ ਸਮਾਂ ਦੇਣ ਲਈ ਮੈਂ ਅਧਿਆਪਕਾ ਦੀ ਨੌਕਰੀ ਵੀ ਛੱਡ ਦਿੱਤੀ ਸੀ। ਛੇਤੀ ਸਾਡੇ ਸਾਹਮਣੇ ਇੱਕ ਨਵਾਂ ਮੌਕਾ ਆਇਆ, ਜਦੋਂ ਸਾਡੇ ਸੰਸਥਾਨ ਵਿੱਚ ਟਰੇਨਿੰਗ ਲੈ ਚੁੱਕ ਕੁੱਝ ਲੋਕਾਂ ਨੇ ਸਾਨੂੰ ਸੁਝਾਅ ਦਿੱਤਾ ਕਿ ਅਸੀਂ ਆਪਣੇ ਕੋਲ ਮੌਜੂਦ ਕੈਡ ਡ੍ਰਾਇੰਗਾਂ ਨੂੰ ਹਾਰਡ ਕਾੱਪੀ ਤੋਂ ਸਾੱਫ਼ਟ ਕਾੱਪੀ ਵਿੱਚ ਬਦਲੀਏ। ਇਸ ਤਰ੍ਹਾਂ ਅਸੀਂ ਡਿਜੀਟਲਾਇਜ਼ੇਸ਼ਨ ਦੀ ਦੁਨੀਆਂ ਵਿੱਚ ਪੈਰ ਧਰਿਆ।''

ਇੰਜੀਨੀਅਰਿੰਗ ਦੀ ਬੁਨਿਆਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਸੁਦੇਸ਼ਨਾ ਆਪਣੀ ਮਜ਼ਬੂਤ ਇੱਛਾ ਸ਼ਕਤੀ ਦੇ ਦਮ ਉਤੇ ਲਗਾਤਾਰ ਸਿੱਖਦੇ ਰਹੇ। ਮਿਹਨਤ ਦਾ ਫਲ਼ ਸੁਦੇਸ਼ਨਾ ਨੂੰ 2008 ਵਿੱਚ ਮਿਲਿਆ, ਜਦੋਂ ਉਹ ਰਾਏਪੁਰ ਇੱਕ ਟਰੇਨਿੰਗ ਸੈਸ਼ਨ ਦੇ ਸਿਲਸਿਲੇ ਵਿੱਚ ਗਏ। ਉਨ੍ਹਾਂ ਨੂੰ ਸਟੁਵਰਟ ਐਂਡ ਲਾੱਇਡ ਨਾਂਅ ਦੀ ਕੰਪਨੀ ਲਈ 'ਡੀਟੇਲਡ ਇੰਜੀਨੀਅਰਿੰਗ ਪ੍ਰਾਜੈਕਟ' ਤਿਆਰ ਕਰਨ ਦਾ ਕੰਮ ਮਿਲਿਆ।

''ਮੈਂ ਇਸ ਪ੍ਰਾਜੈਕਟ ਨੂੰ ਸਫ਼ਲਤਾਪੂਰਬਕ ਮੁਕੰਮਲ ਕਰਨ ਲਈ ਆਪਣੀ ਪੂਰੀ ਜਾਨ ਲਾ ਦਿੱਤੀ ਅਤੇ ਇਸ ਨੂੰ ਸਫ਼ਲਤਾਪੂਰਬਕ ਮੁਕੰਮਲ ਵੀ ਕੀਤਾ। ਕੰਪਨੀ ਸਾਡੇ ਵੱਲੋਂ ਕੀਤੇ ਗਏ ਕੰਮ ਤੋਂ ਬਹੁਤ ਖ਼ੁਸ਼ ਹੋਏ ਅਤੇ ਇਸ ਤੋਂ ਬਾਅਦ ਸਾਨੂੰ ਮਾੱਨੇਟ ਇਸਪਾਤ, ਜਿੰਦਲ ਸਟੀਲ ਐਂਡ ਪਾੱਵਰ ਸਮੇਤ ਕਈ ਵੱਡੀਆਂ ਕੰਪਨੀਆਂ ਤੋਂ ਅਜਿਹੀ ਟਰੇਨਿੰਗ ਸੈਮੀਨਾਰ ਕਰਨ ਦੇ ਕੰਟਰੈਕਟ ਮਿਲ਼ੇ।''

2011 'ਚ ਸੁਦੇਸ਼ਨਾ ਦੇ ਕਾਰੋਬਾਰੀ ਜੀਵਨ ਵਿੱਚ ਇੱਕ ਹੋਰ ਸੁਖਾਵਾਂ ਮੋੜ ਆਇਆ, ਜਦੋਂ ਉਨ੍ਹਾਂ ਆਪਣੀ ਕੰਪਨੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਬਦਲ ਕੇ ਇਸ ਦਾ ਨਾਂਅ 'ਪੀ.ਐਸ. ਡਿਜੀਟੈਕ ਐਚ.ਆਰ.' ਕਰ ਦਿੱਤਾ, ਜਿਸ ਵਿੱਚ ਪੀ.ਐਸ. ਦਾ ਮਤਲਬ 'ਪ੍ਰਾਜੈਕਟ ਸਾੱਲਿਯੂਸ਼ਨਜ਼' ਸੀ। ਇਯੇ ਸਮੇਂ ਉਨ੍ਹਾਂ ਦੀ ਕੰਪਨੀ ਏ.ਸੀ.ਸੀ. ਸੀਮਿੰਟ ਦੀ ਮਾੱਨੀਟਰਿੰਗ ਪਾਰਟਨਰ ਵੀ ਬਣੀ।

ਸੁਦੇਸ਼ਨਾ ਇੱਥੇ ਹੀ ਨਹੀਂ ਰੁਕੇ। ਆਪਣੀ ਕੰਪਨੀ ਦਾ ਵਿਸਥਾਰ ਕਰਦਿਆਂ ਵਿਦੇਸ਼ ਵੀ ਗਏ। ਉਨ੍ਹਾਂ ਅਸਟਰੇਲੀਆ ਅਤੇ ਦੁਬਈ 'ਚ ਪ੍ਰਾਜੈਕਟ ਹਾਸਲ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਦੀ ਕੰਪਨੀ ਨੇ ਸ੍ਰੀ ਲੰਕਾ 'ਚ ਆਈ ਭਿਆਨਕ ਸੁਨਾਮ ਕਾਰਣ ਤਬਾਹ ਹੋਈ ਰੇਲ ਪਟੜੀ ਨੂੰ ਵੀ ਪੂਰਾ ਕਰਨ ਦਾ ਪ੍ਰਾਜੈਕਟ ਹੱਥ ਵਿੱਚ ਲਿਆ ਅਤੇ ਸਫ਼ਲਤਾਪੂਰਬਕ ਪੂਰਾ ਕੀਤਾ।

ਸੁਦੇਸ਼ਨਾ ਦਸਦੇ ਹਨ ਕਿ ਹੁਣ ਕੰਮ ਦੇ ਸਬੰਧ ਵਿੱਚ ਉਨ੍ਹਾਂ ਨੂੰ ਮਹੀਨੇ ਵਿੱਚ ਲਗਭਗ 20 ਦਿਨ ਸਫ਼ਰ ਵਿੱਚ ਹੀ ਰਹਿਣਾ ਪੈਂਦਾ ਹੈ। ''ਮੈਂ ਕੰਪਨੀ ਵਿੱਚ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਪਰਸਨ ਦਾ ਅਹੁਦਾ ਸੰਭਾਲ਼ ਰਹੀ ਹਾਂ ਅਤੇ ਪੂਰੀ ਤਰ੍ਹਾਂ ਕੰਪਨੀ ਪ੍ਰਤੀ ਸਮਰਪਿਤ ਹਾਂ। ਮਾਰਚ 2012 'ਚ ਸਾਡੀ ਕੰਪਨੀ ਦੀ ਸਾਲਾਨਾ ਆਮਦਨ ਲਗਭਗ ਡੇਢ ਕਰੋੜ ਰੁਪਏ ਸੀ ਅਤੇ ਮੈਂ ਭਵਿੱਖ 'ਚ ਕੰਪਨੀ ਦੀ ਟਰਨਓਵਰ 60 ਕਰੋੜ ਰੁਪਏ ਸਾਲਾਨਾ ਤੱਕ ਪਹੁੰਚਾਉਣਾ ਚਾਹੁੰਦੀ ਹਾਂ।''

ਸੁਦੇਸ਼ਨਾ ਮੰਨਦੇ ਹਨ ਕਿ ਉਨ੍ਹਾਂ ਦੀ ਸਫ਼ਲਤਾ ਦਾ ਭੇਤ ਉਨ੍ਹਾਂ ਦਾ ਸਾਬਕਾ ਪਤੀ ਹੈ, ਜਿਸ ਨੂੰ ਉਹ ਵਿਖਾਉਣਾ ਚਾਹੰਦੇ ਹਨ ਕਿ ਇੱਕ ਇਕੱਲੀ ਔਰਤ ਵੀ ਤਰੱਕੀ ਕਰ ਸਕਦੀ ਹੈ ਅਤੇ ਦੁਨੀਆਂ ਨੂੰ ਜਿੱਤ ਸਕਦੀ ਹੈ। ਇਸ ਤੋਂ ਇਲਾਵਾ ਉਹ ਇਹ ਵੀ ਮੰਨਦੇ ਹਨ ਕਿ ਜੀਵਨ ਵਿੱਚ ਆਈਆਂ ਔਕੜਾਂ ਨੇ ਹੀ ਉਨ੍ਹਾਂ ਨੂੰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਇੱਕ ਬਿਹਤਰ ਇਨਸਾਨ ਵੀ ਬਣਾਇਆ।

ਅੰਤ 'ਚ ਸੁਦੇਸ਼ਨਾ ਕਹਿੰਦੇ ਹਨ,''ਚਾਹੁੰਦੀ ਤਾਂ ਮੈਂ ਵੀ ਕਿਸੇ ਤਰ੍ਹਾਂ ਇੱਕ ਅਧਿਆਪਕਾ ਦੀ ਨੌਕਰੀ ਕਰਦਿਆਂ ਆਪਣਾ ਜੀਵਨ ਬਿਤਾ ਸਕਦੀ ਸਾਂ ਪਰ ਮੈਂ ਸਿਰਫ਼ ਜਿਊਣਾ ਹੀ ਨਹੀਂ ਚਾਹੁੰਦੀ ਸਾਂ, ਸਗੋਂ ਸ਼ਾਨ ਨਾਲ ਜਿਊਣਾ ਚਾਹੁੰਦੀ ਸਾਂ ਅਤੇ ਅੱਜ ਮੈਂ ਜਿੱਥੇ ਹਾਂ, ਮੈਨੂੰ ਲਗਦਾ ਹੈ ਕਿ ਮੈਂ ਆਪਣੇ ਮਿਸ਼ਨ 'ਚ ਸਫ਼ਲ ਰਹੀ ਹਾਂ।''